ਅਨੰਤਨਾਗ ਮੁਕਾਬਲੇ ‘ਚ ਮੇਜਰ ਸ਼ਹੀਦ, ਮ੍ਰਿਤਕ ਦੇਹ ਨੂੰ ਦੇਖ ਕੇ ਮਾਂ ਬੋਲੀ, ਮੈਨੂੰ ਦੱਸੋ, ਮੇਰਾ ਸ਼ੇਰ ਪੁੱਤ ਕਿੱਥੇ ਗਿਆ..!

80
views

ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਅਛਬਲ ਇਲਾਕੇ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਈ ਮੁਕਾਬਲੇ ‘ਚ ਫੌਜ ਦਾ ਇਕ ਮੇਜਰ ਕੇਤਨ ਸ਼ਰਮਾ ਸ਼ਹੀਦ ਹੋ ਗਿਆ ਤੇ ਇਕ ਹੋਰ ਮੇਜਰ ਤੇ 2 ਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਦਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਇਕ ਵਿਦੇਸ਼ੀ ਅੱਤਵਾਦੀ ਵੀ ਮਾਰਿਆ ਗਿਆ ਹੈ। ਸ਼ਹੀਦ ਹੋਏ ਫੌਜ ਦੇ ਮੇਜਰ ਕੇਤਨ ਸ਼ਰਮਾ ਦੀ ਮ੍ਰਿਤਕ ਦੇਹ ਅੱਜ ਮੇਰਠ ਲਿਆਂਦੀ ਗਈ। ਜਿਵੇਂ ਹੀ ਮੇਜਰ ਸ਼ਰਮਾ ਦੀ ਮ੍ਰਿਤਕ ਦੇਹ ਘਰ ਪੁੱਜੀ ਤਾਂ ਉਸ ਨੂੰ ਦੇਖ ਕੇ ਉਨ੍ਹਾਂ ਦੇ ਪਰਿਵਾਰ ਵਾਲੇ ਰੋ ਪਏ।ਸ਼ਹੀਦ ਮੇਜਰ ਦੀ ਮਾਂ ਨੇ ਜਵਾਨਾਂ ਨੂੰ ਰੋਂਦੇ ਹੋਏ ਪੁੱਛਿਆ- ਮੈਨੂੰ ਦੱਸੋ, ਮੇਰਾ ਸ਼ੇਰ ਪੁੱਤ ਕਿੱਥੇ ਗਿਆ? ਮੇਜਰ ਕੇਤਨ ਸ਼ਰਮਾ ਸਾਲ 2012 ‘ਚ ਫੌਜ ਵਿਚ ਸ਼ਾਮਲ ਹੋਏ ਸਨ। ਮੇਜਰ ਸ਼ਰਮਾ ਦੇ ਪਰਿਵਾਰ ਵਿਚ 4 ਸਾਲ ਦੀ ਬੇਟੀ ਕੈਰਾ ਅਤੇ ਪਤਨੀ ਇਰਾ ਸ਼ਰਮਾ ਹੈ। ਸੂਬਾ ਸਰਕਾਰ ਨੇ ਸ਼ਹੀਦ ਮੇਜਰ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਸ਼ਹੀਦ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਸੁਰੱਖਿਆ ਬਲਾਂ ਨੇ ਲੁਕੇ ਅੱਤਵਾਦੀ ਨੂੰ ਮਾਰ ਸੁੱਟਿਆ। ਪੁਲਿਸ ਨੂੰ ਤਲਾਸ਼ੀ ਦੌਰਾਨ ਮਕਾਨ ਦੇ ਮਲਬੇ ‘ਚੋਂ ਅੱਤਵਾਦੀ ਦੀ ਲਾਸ਼ ਕੋਲੋਂ ਭਾਰੀ ਮਾਤਰਾ ‘ਚ ਅਸਲ੍ਹਾ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਇਸ ਮੁਕਾਬਲੇ ‘ਚ ਮਾਰੇ ਗਏ ਅੱਤਵਾਦੀ ਦੀ ਪਛਾਣ ਕੀਤੀ ਜਾ ਰਹੀ ਹੈ, ਪੁਲਿਸ ਮੁਤਾਬਿਕ ਉਹ ਜੈਸ਼ ਦੇ ਵਿਦੇਸ਼ੀ ਅੱਤਵਾਦੀ ਹੈ।